Wednesday, January 2, 2019

ਰਸੂਲ ਹਮਜ਼ਾਤੋਵ ਦੀ ਪੁਸਤਕ "ਮੇਰਾ ਦਾਗਿਸਤਾਨ" ਨਾਲ ਮੇਰੀ ਮੁਲਾਕਾਤ ਕਿਵੇਂ ਹੋਈ?

ਦਾਗਿਸਤਾਨ ਅਤੇ ਪੰਜਾਬ ਨੂੰ ਜੋੜਨ ਵਾਲਾ ਬੌਧਿਕ ਪੁਲ ਲੱਗਦੀ ਹੈ ਇਹ ਕਿਤਾਬ 
ਕਿਤਾਬਾਂ ਦੀ ਦੁਨੀਆ: 2 ਜਨਵਰੀ 2018: (ਕਾਰਤਿਕਾ  ਸਿੰਘ)
ਕੁਝ ਦਿਨ ਪਹਿਲਾ ਰਸੂਲ ਹਮਜ਼ਾਤੋਵ ਨੂੰ ਪੜ੍ਹਨਾ ਸ਼ੁਰੂ ਕੀਤਾ। ਕਈਆਂ ਨੇ ਕਿਹਾ ਸੀ ਕਿ ਰਸੂਲ ਦੀ ਬਹੁਚਰਚਿਤ ਪੁਸਤਕ "ਮੇਰਾ ਦਾਗਿਸਤਾਨ" ਨੂੰ ਪੜ੍ਹਨਾ ਚਾਹੀਦਾ ਹੈ।  ਘਟੋਘੱਟ ਲੇਖਕਾਂ ਲਈ ਤਾਂ ਬੇਹੱਦ ਜ਼ਰੂਰੀ ਹੈ ਕਿ ਓਹ ਸਾਰੇ ਰਸੂਲ ਹਮਜ਼ਾਤੋਵ ਦੀ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ। ਇੱਕ ਵਾਰੀ ਤਾਂ ਸਾਡੀ ਪੰਜਾਬੀ ਦੀ ਅਧਿਆਪਕ ਸਾਹਿਬਾ ਨੇ ਵੀ ਕਹਿ ਦਿੱਤਾ ਕਿ ਲਾਇਬਰੇਰੀ ਵਿੱਚੋ "ਮੇਰਾ ਦਾਗਿਸਤਾਨ" ਨਾਂ  ਦੀ ਕਿਤਾਬ ਨੂੰ ਜ਼ਰੂਰ ਪੜ੍ਹੋ।  ਬਸ ਫੇਰ ਕਿ ਸੀ ਅਧਿਆਪਕਾਵਾਂ ਦਾ ਕਿਹਾ ਥੋੜੀ ਮੋੜੀ ਦਾ ਹੈ...ਆਪਾਂ ਲੱਗ ਗਏ ਕਿਤਾਬ ਦੀ ਖੋਜ ਵਿਚ।  ਪਰ ਜਿਵੇਂ ਕਿਤਾਬ ਨੇ ਵੀ ਕਸਮ ਖਾਧੀ ਹੋਈ ਸ ..ਜਾ ਕੁੜੀਏ, ਮੈਂ ਨਹੀਂ ਤੇਰੇ ਹੱਥ ਆਉਂਦੀ।  ਮਤਲਬ ਕਿ ਮੈਂ ਪੂਰਾ ਇੱਕ ਮਹੀਨਾ ਕਾਲਜ ਦੀ ਲਾਇਬ੍ਰੇਰੀ ਵਿਚ ਉਸ ਕਿਤਾਬ ਨੂੰ ਲੱਭਣ ਦੇ ਨਿਸਫਲ ਜਤਨ ਕੀਤੇ।  ਅਖ਼ੀਰ ਵਿਚ ਵੀ ਹੱਥ ਖਾਲੀ ਹੀ ਰਹੇ।  ਲਗਭਗ ਲਾਇਬ੍ਰੇਰੀ ਦੇ ਸਾਰੇ ਸਟਾਫ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਮੈਂ "ਮੇਰਾ ਦਾਗਿਸਤਾਨ" ਨਾਂ ਦੀ ਕਿਤਾਬ ਲੱਭ ਰਹੀ ਹਾਂ।  ਬਸ ਜਿਵੇਂ ਉਸ ਕਿਤਾਬ ਨੂੰ ਹੀ ਨਹੀਂ ਪਤਾ ਸੀ ਕਿ ਮੈਂ ਉਸਨੂੰ ਲੱਭ ਰਹੀ ਹਾਂ।  ਫੇਰ ਇਮਤਿਹਾਨ ਆ ਗਏ।  ਇਸ ਭਾਲ ਵਿਚ ਕੁਝ ਸਮੇਂ ਦੀ ਬਰੇਕ ਲੱਗ ਗਈ।  ਕਿਤਾਬ ਦੀ ਗੱਲ ਵੀ ਆਈ ਗਈ ਹੋ ਗਈ।  ਪਰ ਕਿਸਮਤ ਨੇ ਸ਼ਾਇਦ ਉਸ ਕਿਤਾਬ ਦੇ ਵੀ ਦਰਸ਼ਨ ਕਰਵਾਉਣੇ ਹੀ ਸਨ। 
ਕਹਿੰਦੇ ਨੇ ਜੇ ਚਾਹਤ ਵਿੱਚ ਤਾਕਤ ਹੈ ਤਾਂ ਇਹ ਪੂਰੀ ਵੀ ਜ਼ਰੂਰ ਹੁੰਦੀ ਹੈ। ਇਹੀ ਕੁਝ ਸ਼ਾਇਦ ਮੇਰੇ ਨਾਲ ਇਸ ਕਿਤਾਬ ਦੇ ਮਾਮਲੇ ਵਿੱਚ ਵੀ ਵਾਪਰਿਆ। 
     ਇੱਕ ਦਿਨ ਮੈਂ ਇਮਤਿਹਾਨ ਦੇ ਕੇ ਵਾਪਿਸ ਆਈ ਤਾਂ ਪਾਪਾ ਨੂੰ ਪੇਪਰ ਦਿਖਾ ਕੇ ਆਪਣੇ ਕਮਰੇ ਵਿਚ ਜਾਣ ਲੱਗੀ। ਪਾਪਾ ਨੇ ਕਿਹਾ ਕਿ ਇੱਕ ਮਿੰਟ ਰੁਕ।  ਫੇਰ ਉਹ ਆਪਣੇ ਬੈਗ ਵਿਚ ਕੁਝ ਫੋਲਾ-ਫਾਲੀ ਕਰਨ ਲੱਗ ਪਏ।  ਮੈਂ ਸੋਚਿਆ ਕਿ ਕੁਝ ਖਾਣ ਨੂੰ ਲੈ ਕੇ ਆਏਂ ਹੋਣਗੇ--ਪਰ ਇਹ ਤਾਂ ਕੁਝ ਹੋਰ ਹੀ ਸੀ। ..... ਉਹ ਕਹਿੰਦੇ ਦੇਖ ਤਾਂ ਸਹੀ। ..ਥਕਾਵਟ ਦੇ ਮਾਰੇ ਮੇਰੀ ਜਾਨ ਨਿਕਲ ਰਹੀ ਸੀ।  ਫੇਰ ਉਹਨਾਂ ਨੇ ਇੱਕ ਲਿਫ਼ਾਫ਼ਾ ਮੇਰੇ ਹੱਥ ਵਿਚ ਪਕੜਾਇਆ। ਮੈਂ ਫਟਾਫਟ ਉਸਨੂੰ ਖੋਲ ਕੇ ਦੇਖਿਆ।  ਉਸ ਲਿਫਾਫੇ ਵਿੱਚ ਤਾਂ ਮੇਰੀ ਰੂਹ ਦੀ ਖੁਰਾਕ ਸੀ। ਸ਼ਾਇਦ ਕੋਈ ਨਵੀਂ ਕਿਤਾਬ। ਖੋਹਲ ਕੇ ਦੇਖਿਆ ਤਾਂ ਉਸ ਲਿਫਾਫੇ ਵਿਚ "ਮੇਰਾ ਦਾਗਿਸਤਾਨ"  ਕਿਤਾਬ ਦੋ ਭਾਗਾਂ ਵਿਚ ਮੌਜੂਦ ਸੀ।  ਮੇਰੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ।  ਏਨੀ ਖੁਸ਼ੀ-ਏਨੀ ਖੁਸ਼ੀ ਕਿ ਪਾਪਾ ਨੂੰ ਧੰਨਵਾਦ ਕਰਨਾ ਵੀ ਭੁੱਲ ਗਈ।  ਬਸ ਕਿਤਾਬ ਨੂੰ ਆਪਣੇ ਕਲੇਜੇ ਨਾਲ ਲਗਾ ਲਿਆ, ਜਿਵੇਂ ਕਿ ਕੋਈ ਮਾਂ ਆਪਣੇ ਬੱਚੇ ਨੂੰ ਲਗਾਉਂਦੀ ਹੈ।  ਫੇਰ ਥੋੜੀ ਦੇਰ ਬਾਅਦ ਯਾਦ ਆਉਣ ਤੇ ਮੈਂ  ਓਹਨਾ ਨੂੰ ਸ਼ੁਕਰੀਆ ਕਿਹਾ।  ਇਹ ਪੁਸਤਕ ਇੱਕ ਵਿਦੇਸ਼ੀ ਲੇਖਕ ਦੀ ਹੈ। ਉਸਦੇ ਦਾਗਿਸਤਾਨ ਦੀ। ਇਹ ਰੂਸ ਦਾ ਹੀ ਇੱਕ ਇਲਾਕਾ ਹੈ ਜਿਸਨੂੰ ਸਰਕਾਰੀ ਤੌਰ ਤੇ "ਰਿਪਬਲਿਕ ਆਫ ਦਾਗਿਸਤਾਨ" ਕਿਹਾ ਜਾਂਦਾ ਹੈ। ਇਸਦਾ ਖੇਤਰਫਲ ਸ਼ਾਇਦ ਭਾਰਤੀ ਪੰਜਾਬ ਜਿੰਨਾ ਹੀ ਹੈ-50.300 ਵਰਗ ਕਿਲੋਮੀਟਰ। ਰਸੂਲ ਦੇ ਇਸ ਮਿਸਾਲੀ ਇਲਾਕੇ ਵਿੱਚ ਵੀ 1990ਵਿਆਂ ਵਿੱਚ ਅੱਤਵਾਦ ਅਤੇ ਦਹਿਸ਼ਤਗਰਦੀ ਨੇ ਜ਼ੋਰ ਫੜਿਆ। ਦਾਗਿਸਤਾਨ ਨੂੰ ਨਜ਼ਰ ਲੱਗਦੀ ਚਲੀ ਗਈ।  ਫਿਰ ਇੱਕ ਉਹ ਦਿਨ ਵੀ ਆਇਆ ਜਦੋਂ 5 ਫਰਵਰੀ 2018 ਵਾਲੇ ਦਿਨ ਦਾਗਿਸਤਾਨ ਦੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਅਤੇ ਇਸਦਾ ਸਿਧ ਕੰਟਰੋਲ ਰੂਸੀ ਸਰਕਾਰ ਦੇ ਹੱਥ ਆ ਗਿਆ। ਇਸ ਦੀਆਂ 12013 ਸਰਕਾਰੀ ਬੋਲੀਆਂ ਹਨ ਅਤੇ ਛੇ-ਸੱਤ ਗੈਰ ਸਰਕਾਰੀ ਬੋਲੀਆਂ ਵੀ ਹਨ। 
ਰਸੂਲ ਹਮਜ਼ਾਤੋਵ ਨੇ ਇਹ ਕਿਤਾਬ ਆਵਾਰ ਬੋਲੀ  ਵਿੱਚ ਲਿਖੀ ਸੀ। ਬਾਅਦ ਵਿੱਚ ਇਹ ਕਿਤਾਬ ਸ਼ਾਇਦ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈ। ਪੰਜਾਬੀ ਵਿਛ ਇਸਦਾ ਅਨੁਵਾਦ ਸਭ ਤੋਂ ਪਹਿਲਾਂ ਵਿਦਵਾਨ ਲੇਖਕ ਗੁਰਬਖਸ਼ ਸਿੰਘ ਫਰੈਂਕ ਨੇ ਕੀਤਾ ਸੀ। ਇਹ ਕਿਤਾਬ ਹਿੰਦੀ ਵਿੱਚ ਵੀ ਬਹੁਤ ਹਰਮਨ ਪਿਆਰੀ ਹੈ। ਪੰਜਾਬੀ ਵਿੱਚ ਇਸਦਾ ਮੁਕੰਮਲ ਪਰਕਾਸ਼ਨ  ਅਰਥਾਤ ਦੋਵੇਂ ਭਾਗ ਇੱਕੋ ਇੱਕ ਜਿਲਦ ਵਿੱਚ ਪ੍ਰਕਸ਼ਿਤ ਕੀਤਾ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵਾਲਿਆਂ ਨੇ ਜਿਸਦੀ ਕੀਮਤ 400/-ਰੁਪਏ ਰੱਖੀ ਗਈ। ਜੇ ਦੋ ਭਾਗਾਂ ਵਾਲੀ ਕਿਤਾਬ ਖਰੀਦੀ ਜਾਈ ਤਾਂ ਡਿਸਕਾਊਂ ਮਗਰੋਂ ਹੁਹ ਵੀ ਏਨੇ ਵਿੱਚ ਹੀ ਪੈ ਜਾਂਦੀ ਹੈ। 
ਮੇਰਾ ਦਾਗਿਸਤਾਨ ਨੂੰ ਪੜਦਿਆਂ ਕਦੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਕਿਸੇ ਵਿਦੇਸ਼ੀ ਲੇਖਕ ਦੀ ਕਿਸੇ ਵਿਦੇਸ਼ੀ ਪੁਸਤਕ ਦਾ ਕੋਈ ਅਨੁਵਾਦ ਪੜ੍ਹ ਰਹੇ ਹੋ। ਹਰ ਵਰਕੇ 'ਤੇ--ਹਰ ਪਹਿਰੇ  'ਤੇ ਇਸ ਤਰਾਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਸਾਡੀ ਹੀ ਗੱਲ ਹੈ।  ਕਦੇ ਮਹਿਸੂਸ ਹੁੰਦਾ ਹੈ ਅਸੀਂ ਓਇ ਕਵਿਤਾ ਪੜ੍ਹ ਰਹੇ ਹਾਂ--ਕਦੇ ਲੱਗਦਾ ਹੈ ਕੋਈ ਗੀਤ ਗੁਣਗੁਣਾ ਰਹੇ ਹਾਂ, ਕਦੇ ਲੱਗਦਾ ਹੈ ਕੋਈ ਨਾਵਲ ਪੜ੍ਹ ਰਹੇ ਹਾਂ, ਖੇਡ ਇਹ ਕਹਾਣੀ ਲੱਗਦੀ ਹੈ ਅਤੇ ਕਦੇ ਕੋਈ ਦਿਲਚਸਪ ਲੇਖ। ਬਹੁਤ ਹੀ ਵਿਲੱਖਣ ਸ਼ੈਲੀ ਵਾਲੀ ਪੁਸਤਕ ਹੈ ਇਹ ਜਿਸ ਦਾ ਅਨੰਦ ਇਸਨੂੰ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਇਹ ਪੁਸਤਕ ਦਾਗਿਸਤਾਨ ਅਤੇ ਪੰਜਾਬ ਨੂੰ ਜੋੜਨ ਵਾਲਾ ਇੱਕ ਬਿਧਿਕ ਪੁਲ ਮਹਿਸੂਸ ਹੁੰਦੀ ਹੈ। ਪਤਾ ਹੀ ਨਹੀਂ ਲੱਗਦਾ ਕਦੋ ਇਸ ਵਿੱਚ ਸਾਨੂੰ ਸਾਡਾ ਪੰਜਾਬ ਅਤੇ ਸੱਭਿਆਚਾਰ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਇਹ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਦਾਗਿਸਤਾਨ ਆਪਣਾ ਸਿਰ ਕੱਢ ਕੇ ਸਾਡੀ ਸਮਝ 'ਤੇ ਮੁਸਕਰਾ ਰਿਹਾ ਹੁੰਦਾ ਹੈ। ਮੈਂ ਆਪਣੀ ਕਿਸੇ ਅਨਵੀਂ ਪੋਸਟ ਵਿੱਚ ਵੀ ਇਸ ਪੁਸਤਕ ਦੀ ਚਰਚਾ ਕਰਾਂਗੀ ਪਰ ਹਥਲੀ ਪੋਸਟ ਵਿੱਚ ਇਹੀ ਕਹਿਣਾ ਜ਼ਰੂਰੀ ਲੱਗਦਾ ਹੈ ਕਿ ਇਹ ਕਿਤਾਬ ਸਭਨਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਖਾਸ ਕਰਕੇ ਲੇਖਕਾਂ ਨੂੰ। 

No comments:

Post a Comment