ਦਾਗਿਸਤਾਨ ਅਤੇ ਪੰਜਾਬ ਨੂੰ ਜੋੜਨ ਵਾਲਾ ਬੌਧਿਕ ਪੁਲ ਲੱਗਦੀ ਹੈ ਇਹ ਕਿਤਾਬ
ਕਿਤਾਬਾਂ ਦੀ ਦੁਨੀਆ: 2 ਜਨਵਰੀ 2018: (ਕਾਰਤਿਕਾ ਸਿੰਘ)
ਕੁਝ ਦਿਨ ਪਹਿਲਾ ਰਸੂਲ ਹਮਜ਼ਾਤੋਵ ਨੂੰ ਪੜ੍ਹਨਾ ਸ਼ੁਰੂ ਕੀਤਾ। ਕਈਆਂ ਨੇ ਕਿਹਾ ਸੀ ਕਿ ਰਸੂਲ ਦੀ ਬਹੁਚਰਚਿਤ ਪੁਸਤਕ "ਮੇਰਾ ਦਾਗਿਸਤਾਨ" ਨੂੰ ਪੜ੍ਹਨਾ ਚਾਹੀਦਾ ਹੈ। ਘਟੋਘੱਟ ਲੇਖਕਾਂ ਲਈ ਤਾਂ ਬੇਹੱਦ ਜ਼ਰੂਰੀ ਹੈ ਕਿ ਓਹ ਸਾਰੇ ਰਸੂਲ ਹਮਜ਼ਾਤੋਵ ਦੀ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ। ਇੱਕ ਵਾਰੀ ਤਾਂ ਸਾਡੀ ਪੰਜਾਬੀ ਦੀ ਅਧਿਆਪਕ ਸਾਹਿਬਾ ਨੇ ਵੀ ਕਹਿ ਦਿੱਤਾ ਕਿ ਲਾਇਬਰੇਰੀ ਵਿੱਚੋ "ਮੇਰਾ ਦਾਗਿਸਤਾਨ" ਨਾਂ ਦੀ ਕਿਤਾਬ ਨੂੰ ਜ਼ਰੂਰ ਪੜ੍ਹੋ। ਬਸ ਫੇਰ ਕਿ ਸੀ ਅਧਿਆਪਕਾਵਾਂ ਦਾ ਕਿਹਾ ਥੋੜੀ ਮੋੜੀ ਦਾ ਹੈ...ਆਪਾਂ ਲੱਗ ਗਏ ਕਿਤਾਬ ਦੀ ਖੋਜ ਵਿਚ। ਪਰ ਜਿਵੇਂ ਕਿਤਾਬ ਨੇ ਵੀ ਕਸਮ ਖਾਧੀ ਹੋਈ ਸ ..ਜਾ ਕੁੜੀਏ, ਮੈਂ ਨਹੀਂ ਤੇਰੇ ਹੱਥ ਆਉਂਦੀ। ਮਤਲਬ ਕਿ ਮੈਂ ਪੂਰਾ ਇੱਕ ਮਹੀਨਾ ਕਾਲਜ ਦੀ ਲਾਇਬ੍ਰੇਰੀ ਵਿਚ ਉਸ ਕਿਤਾਬ ਨੂੰ ਲੱਭਣ ਦੇ ਨਿਸਫਲ ਜਤਨ ਕੀਤੇ। ਅਖ਼ੀਰ ਵਿਚ ਵੀ ਹੱਥ ਖਾਲੀ ਹੀ ਰਹੇ। ਲਗਭਗ ਲਾਇਬ੍ਰੇਰੀ ਦੇ ਸਾਰੇ ਸਟਾਫ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਮੈਂ "ਮੇਰਾ ਦਾਗਿਸਤਾਨ" ਨਾਂ ਦੀ ਕਿਤਾਬ ਲੱਭ ਰਹੀ ਹਾਂ। ਬਸ ਜਿਵੇਂ ਉਸ ਕਿਤਾਬ ਨੂੰ ਹੀ ਨਹੀਂ ਪਤਾ ਸੀ ਕਿ ਮੈਂ ਉਸਨੂੰ ਲੱਭ ਰਹੀ ਹਾਂ। ਫੇਰ ਇਮਤਿਹਾਨ ਆ ਗਏ। ਇਸ ਭਾਲ ਵਿਚ ਕੁਝ ਸਮੇਂ ਦੀ ਬਰੇਕ ਲੱਗ ਗਈ। ਕਿਤਾਬ ਦੀ ਗੱਲ ਵੀ ਆਈ ਗਈ ਹੋ ਗਈ। ਪਰ ਕਿਸਮਤ ਨੇ ਸ਼ਾਇਦ ਉਸ ਕਿਤਾਬ ਦੇ ਵੀ ਦਰਸ਼ਨ ਕਰਵਾਉਣੇ ਹੀ ਸਨ।


ਰਸੂਲ ਹਮਜ਼ਾਤੋਵ ਨੇ ਇਹ ਕਿਤਾਬ ਆਵਾਰ ਬੋਲੀ ਵਿੱਚ ਲਿਖੀ ਸੀ। ਬਾਅਦ ਵਿੱਚ ਇਹ ਕਿਤਾਬ ਸ਼ਾਇਦ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈ। ਪੰਜਾਬੀ ਵਿਛ ਇਸਦਾ ਅਨੁਵਾਦ ਸਭ ਤੋਂ ਪਹਿਲਾਂ ਵਿਦਵਾਨ ਲੇਖਕ ਗੁਰਬਖਸ਼ ਸਿੰਘ ਫਰੈਂਕ ਨੇ ਕੀਤਾ ਸੀ। ਇਹ ਕਿਤਾਬ ਹਿੰਦੀ ਵਿੱਚ ਵੀ ਬਹੁਤ ਹਰਮਨ ਪਿਆਰੀ ਹੈ। ਪੰਜਾਬੀ ਵਿੱਚ ਇਸਦਾ ਮੁਕੰਮਲ ਪਰਕਾਸ਼ਨ ਅਰਥਾਤ ਦੋਵੇਂ ਭਾਗ ਇੱਕੋ ਇੱਕ ਜਿਲਦ ਵਿੱਚ ਪ੍ਰਕਸ਼ਿਤ ਕੀਤਾ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵਾਲਿਆਂ ਨੇ ਜਿਸਦੀ ਕੀਮਤ 400/-ਰੁਪਏ ਰੱਖੀ ਗਈ। ਜੇ ਦੋ ਭਾਗਾਂ ਵਾਲੀ ਕਿਤਾਬ ਖਰੀਦੀ ਜਾਈ ਤਾਂ ਡਿਸਕਾਊਂ ਮਗਰੋਂ ਹੁਹ ਵੀ ਏਨੇ ਵਿੱਚ ਹੀ ਪੈ ਜਾਂਦੀ ਹੈ।
ਮੇਰਾ ਦਾਗਿਸਤਾਨ ਨੂੰ ਪੜਦਿਆਂ ਕਦੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਕਿਸੇ ਵਿਦੇਸ਼ੀ ਲੇਖਕ ਦੀ ਕਿਸੇ ਵਿਦੇਸ਼ੀ ਪੁਸਤਕ ਦਾ ਕੋਈ ਅਨੁਵਾਦ ਪੜ੍ਹ ਰਹੇ ਹੋ। ਹਰ ਵਰਕੇ 'ਤੇ--ਹਰ ਪਹਿਰੇ 'ਤੇ ਇਸ ਤਰਾਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਸਾਡੀ ਹੀ ਗੱਲ ਹੈ। ਕਦੇ ਮਹਿਸੂਸ ਹੁੰਦਾ ਹੈ ਅਸੀਂ ਓਇ ਕਵਿਤਾ ਪੜ੍ਹ ਰਹੇ ਹਾਂ--ਕਦੇ ਲੱਗਦਾ ਹੈ ਕੋਈ ਗੀਤ ਗੁਣਗੁਣਾ ਰਹੇ ਹਾਂ, ਕਦੇ ਲੱਗਦਾ ਹੈ ਕੋਈ ਨਾਵਲ ਪੜ੍ਹ ਰਹੇ ਹਾਂ, ਖੇਡ ਇਹ ਕਹਾਣੀ ਲੱਗਦੀ ਹੈ ਅਤੇ ਕਦੇ ਕੋਈ ਦਿਲਚਸਪ ਲੇਖ। ਬਹੁਤ ਹੀ ਵਿਲੱਖਣ ਸ਼ੈਲੀ ਵਾਲੀ ਪੁਸਤਕ ਹੈ ਇਹ ਜਿਸ ਦਾ ਅਨੰਦ ਇਸਨੂੰ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਇਹ ਪੁਸਤਕ ਦਾਗਿਸਤਾਨ ਅਤੇ ਪੰਜਾਬ ਨੂੰ ਜੋੜਨ ਵਾਲਾ ਇੱਕ ਬਿਧਿਕ ਪੁਲ ਮਹਿਸੂਸ ਹੁੰਦੀ ਹੈ। ਪਤਾ ਹੀ ਨਹੀਂ ਲੱਗਦਾ ਕਦੋ ਇਸ ਵਿੱਚ ਸਾਨੂੰ ਸਾਡਾ ਪੰਜਾਬ ਅਤੇ ਸੱਭਿਆਚਾਰ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਇਹ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਦਾਗਿਸਤਾਨ ਆਪਣਾ ਸਿਰ ਕੱਢ ਕੇ ਸਾਡੀ ਸਮਝ 'ਤੇ ਮੁਸਕਰਾ ਰਿਹਾ ਹੁੰਦਾ ਹੈ। ਮੈਂ ਆਪਣੀ ਕਿਸੇ ਅਨਵੀਂ ਪੋਸਟ ਵਿੱਚ ਵੀ ਇਸ ਪੁਸਤਕ ਦੀ ਚਰਚਾ ਕਰਾਂਗੀ ਪਰ ਹਥਲੀ ਪੋਸਟ ਵਿੱਚ ਇਹੀ ਕਹਿਣਾ ਜ਼ਰੂਰੀ ਲੱਗਦਾ ਹੈ ਕਿ ਇਹ ਕਿਤਾਬ ਸਭਨਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਖਾਸ ਕਰਕੇ ਲੇਖਕਾਂ ਨੂੰ।